ਕੁੜੀਆਂ ਤੇ ਚਿੜੀਆਂ
ਕੁੜੀਆਂ ਤੇ ਚਿੜੀਆਂ
ਚਹਿਕਦੀਆਂ
ਮਹਿਕਦੀਆਂ
ਟਹਿਕਦੀਆਂ
ਨਚਦੀਆਂ
ਟਪਦੀਆਂ
ਫੁਦਕਦੀਆਂ
ਹਵਾ ਵਾਂਗ ਰੁਮਕਦੀਆਂ
ਫੁੱਲਾਂ ਵਾਂਗ ਹਸਦੀਆਂ
ਤੇਂਲ ਦੇ ਤੁਪਕਿਆਂ ਵਾਂਗ
ਸੂਰਜ ਦੇ ਨਿੱਘ ਵਿੱਚ ਲਿਸ਼ਕਦੀਆਂ
ਟਾਹਣੀਓਂ ਟਾਹਣੀ
ਚੀਂ ਚੀਂ ਕਰਦੀਆਂ ਹੀ ਚੰਗੀਆਂ ਲੱਗਦੀਆਂ
ਇਹਨਾਂ ਤੋਂ ਸੱਖਣੀ
ਚੁੱਪ ਚੰਗੀ ਨਹੀਂ ਲੱਗਦੀ
ਇਹਨਾਂ ਤੋਂ ਬਗ਼ੈਰ ਧੁੱਪ ਚੰਗੀ ਨਹੀਂ ਲੱਗਦੀ
ਕਦੇ ਇਹ ਸੂਰਜ ਨੂੰ ਇਹ ਝਾਤ ਆਖਦੀਆਂ ਹਨ
ਕਦੇ ਸੂਰਜ ਇਹਨਾਂ ਨੂੰ ਲੱਭਦਾ
ਬਨੇਰਿਓ ਬਨੇਰੀ
ਟਾਹਣੀਓ ਟਾਹਣੀ
ਸਾਹੋ ਸਾਹ ਹੁੰਦਾ ਰਹਿੰਦਾ ਹੈ।
ਕੁੜੀਆਂ ਚਿੜੀਆਂ
ਬਿਨਾਂ ਪੁੱਛੇ
ਬਿਨਾਂ ਦੱਸੇ
ਲੰਮੀ ਉਡਾਰੀ ਮਾਰ ਜਾਂਦੀਆਂ ਹਨ
ਤੇ ਮੁੜ ਨਹੀਂ ਪਰਤਦੀਆਂ
ਅਸਮਾਨ ਦੀ ਨੀਲੀ ਚਾਦਰ ਵਿੱਚ ਗਵਾਚ ਜਾਂਦੀਆਂ ਹਨ।
ਤਾਰਿਆਂ ਦੇ ਦੇਸ ਜਾਣ ਲਈ
ਤਾਰਿਆਂ ਦੀ ਰੋਸ਼ਨੀ
ਅੱਖਾਂ ਵਿੱਚ ਵਸਾ ਲੈਣ ਲਈ ਕਾਹਲੀਆਂ
ਕੁੜੀਆਂ ਤੇ ਚਿੜੀਆਂ
ਰੁਖਾਂ ਤੇ ਟਾਹਣੀਆਂ ਦੇ ਅੰਗ ਸੰਗ
ਪਿਪਲੀ ਦੇ ਪਤਿਆਂ ਉਪਰ ਆਪਣੀਆਂ ਰੀਝਾਂ
ਦੇ ਸਿਰਨਾਵੇਂ ਲਿਖ ਕੇ ਤੀਆਂ ਪਾਉਂਦੀਆਂ
ਅਵੇਂ ਹੀ ਏਧਰ ਓਧਰ ਗਵਾਚ ਜਾਂਦੀਆਂ
ਕਦੇ ਨਾ ਪਰਤਣ ਲਈ
ਕਦੇ ਨਾ ਲੱਭਣ ਲਈ
ਕੁੜੀਆਂ ਤੇ ਚਿੜੀਆਂ
ਰੀਝਾਂ ਦੇ ਸਿਰਨਾਵੇਂ।
No comments:
Post a Comment