Thursday, June 9, 2011

ਜੇਬ ਕਤਰਿਆਂ ਤੋਂ ਬਚੋ

ਜੇ ਤੁਹਾਡੇ ਕੋਲ ਕਿਸੇ ਵੀ ਕੰਪਨੀ ਦਾ ਲੈਨਡਲਾਈਨ ਫੋਨ ਹੈ ਤਾਂ ਨਿਸ਼ਚੇ ਹੀ ਬੇਵਜ਼ਹ ਤੇ ਬੇਵਕਤ ਆਉਣ ਵਾਲੇ ਟੈਲੀਫੋਨਾਂ ਤੋਂ ਜ਼ਰੁਰ ਪ੍ਰੇਸ਼ਾਨ ਹੋਵੋਗੇ। ਇਹ ਫੋਨ ਕਰਨ ਵਾਲੇ ਬਹੁਤੀ ਵਾਰੀ ਕਿਸੇ ਨਾ ਕਿਸੇ ਨਿੱਜੀ ਖੇਤਰ ਦੇ ਇਨਸ਼ਿਊਰੈਂਸ ਕੰਪਨੀ ਦੇ ਮੁਲਾਜ਼ਮ ਦਾ ਹੁੰਦਾ ਹੈ, (ਮੇਰੇ ਨੰਬਰ ਉਪਰ ਇਹ ਕੰਪਨੀ ਕੋਟਕ ਮਹਿੰਦਰਾ ਦੀ ਇਨਸ਼ਿਊਰੈਂਸ ਕੰਪਨੀ ਹੈ) ਜੋ ਕਦੇ ਆਪਣੇ ਜਲੰਧਰ ਦਫ਼ਤਰ ਤੋਂ ਤੇ ਕਦੇ ਚੰਡੀ ਗੜ੍ਹ ਦਫ਼ਤਰ ਤੋਂ ਗਾਹੇ ਬਗਾਹੇ ਫੋਨ ਕਰਦੇ ਹਨ ਕਿ ਮੈਂ ਉਹਨਾਂ ਦੀ ਕੰਪਨੀ ਦੀ ਬੀਮਾ ਪਾਲੀਸੀ ਜ਼ਰੁਰ ਲਵਾਂ। ਉਹਨਾਂ ਦੀ ਗੱਲ ਬਾਤ ਤੋਂ ਇਹ ਜਾਪਦਾ ਹੈ ਕਿ ਉਹ ਪਤਾ ਨਹੀਂ ਕਿਉਂ ਮੇਰੇ ਲਈ ਇੰਨੇ ਫਿਕਰਮੰਦ ਹਨ ਕਿ ੳਹਨਾਂ ਨੇ ਸਿਰਫ਼ ਮੇਰੇ ਲਈ ਹੀ ਇਕ ਪਲਾਨ ਬਣਾਇਆ ਹੁੰਦਾ ਹੈ ਤੇ ਹੁਣ ਉਹ ਚਾਹੁੰਦੇ ਹਨ ਕਿ ਮੈਂ ਉਹਨਾਂ ਦੇ ਬਣਾਏ ਜਾਲ ਵਿੱਚ ਫਸ ਜਾਵਾਂ।

ਉਹ ਕਈ ਵਾਰੀ ਲੰਮੀ ਲੰਮੀ ਗੱਲ ਬਾਤ ਕਰਦੇ ਹਨ, ਉਹਨਾਂ ਨੇ ਅਲ੍ਹੜ ਉਮਰ ਦੀਆਂ ਕੁੜੀਆਂ ਰਖੀਆਂ ਹੁੰਦੀਆਂ ਹਨ ਜੋ ਆਪਣੀ ਬੜੀ ਹੀ ਮਨਮੋਹਕ ਅਵਾਜ਼ ਨਾਲ ਕਦੇ ਅੰਕਲ ਜੀ ਆਖ ਕੇ ਕਦੇ ਸਰ ਸਰ ਕਹਿ ਕੇ ਸਾਨੂੰ ਬੀਮਾ ਪਾਲਿਸੀ ਵੱਲ ਖਿਚਦੀਆਂ ਹਨ। ਮੈਂ ਬਹੁਤ ਵਾਰੀ ਉਹਨਾਂ ਨੂੰ ਬੜੇ ਸਤਿਕਾਰ ਨਾਲ ਆਖਦਾ ਹਾਂ ਕਿ ਮੈਂ ਉਹਨਾਂ ਦੀ ਪਾਲੀਸੀ ਨਹੀਂ ਲੈ ਸਕਦਾ। ਕਦੇ ਦੁਪਹਿਰੇ ਕਦੇ ਸਵੇਰੇ ਜਦੋਂ ਬੰਦਾ ਕੋਈ ਹੋਰ ਕੰਮ ਕਰ ਰਿਹਾ ਹੁੰਦਾ ਹੈ ਉਹ ਫੋਨ ਕਰਦੇ ਹਨ। ਕੋਟਕ ਮਹਿੰਦਰਾ ਕੰਪਨੀ ਨੇ ਬੜੇ ਢੀਠ ਕਿਸਮ ਦੇ ਬੰਦੇ ਭਰਤੀ ਕੀਤੇ ਹੋਏ ਹਨ, ਤੇ ੳਹਨਾਂ ਨੂੰ ਆਖਦੇ ਹਨ ਕਿ ਉਹ ਬਾਰ ਬਾਰ ਫੋਨ ਕਰ ਕੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਜਾਲ ਵਿੱਚ ਫਸਾਉਣ। ਜਦੋਂ ਸਾਧਾਰਨ ਨਾਂਹ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਤਾਂ ਮਨ ਕਰਦਾ ਹੈ ਕਿ ਇਸ ਬੰਦੇ ਨੂੰ ਗਲੋਂ ਫੜ ਕੇ ਫੋਨ ਚੋਂ ਬਾਹਰ ਕੱਢ ਲਵਾਂ ਤੇ ਚੰਗੀ ਤਰਹਾਂ ਸਮਝਾ ਦੇਵਾਂ, ਪਰ ਰਸਤੇ ਵਿੱਚ ਫੋਨ ਦੀ ਮਜ਼ਬੂਰੀ ਆ ਜਾਂਦੀ ਹੈ।

ਅਸਲ ਵਿੱਚ ਇਹ ਕੰਪਨੀਆਂ ਝੂਠ ਦਾ ਕਾਰੋਬਾਰ ਕਰਦੀਆਂ ਹਨ। ਪਰਦੇ ਦੇ ਪਿਛੇ ਰਹਿ ਕੇ, ਪੈਸੇ ਕਿਸੇ ਹੋਰ ਨੇ ਲੈ ਜਾਣੇ ਹਨ ਤੇ ਦੇਣ ਦੀ ਵਾਰੀ ਲੈਣ ਵਾਲੇ ਨੇ ਕਿਤੇ ਲੱਭਣਾ ਨਹੀਂ। ਜਦੋਂ ਤੁਹਾਡੇ ਪੈਸੇ ਤੁਹਾਡੀ ਜੇਬ ਚੋਂ ਨਿਕਲ ਕੇ ਉਹਨਾਂ ਦੀ ਜੇਬ ਵਿੱਚ ਚਲੇ ਗਏ ਤਾਂ ਫਿਰ ਉਹਨਾਂ ਦੀਆਂ ਸੱਤੀ ਵੀਹੀ ਸੋ ਹੁੰਦਾ। ਤੁਹਾਡੇ ਕੋਲ ਸਿਰਫ਼ ਸ਼ਰਤਾਂ ਦਾ ਪੁਲਿੰਦਾ ਰਹਿ ਜਾਂਦਾ ਹੈ। ਤੁਹਾਡੇ ਪੈਸੇ ਨਾਲ ਇਹ ਬਿਰਲੇ ਟਾਟੇ, ਅੰਬਾਨੀ, ਮਹਿੰਦਰਾ, ਆਈ ਸੀ ਆਈ ਸੀ, ਆਈ ਵਾਲੇ ਅਮੀਰ ਹੋ ਜਾਂਦੇ ਹਨ, ਉਹਨਾਂ ਦੇ ਨਾਂ ਦੁਨੀਆਂ ਦੇ ਅਮੀਰਾਂ ਵਿੱਚ ਸ਼ਾਮਲ ਹੋ ਜਾਂਦੇ ਹਨ ਤੇ ਤੁਸੀਂ ਵਿਚਾਰੇ ਗ਼ਰੀਬ ਆਦਮੀ ਆਪਣੇ ਹੀ ਦਿੱਤੇ ਪੈਸੇ ਵਾਪਸ ਲੈਣ ਲਈ ਉਹਨਾਂ ਦੀਆਂ ਮਿੰਨਤਾ ਕਰੋਗੇ। ਸ਼ਰਤਾਂ ਜੋ ਕਾਗਜ਼ਾਂ ਵਿੱਚ ਹਨ ਉਹ ਤਦ ਹੀ ਮਨਾਉਗੇ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਅਦਾਤਲ ਦਾ ਬੂਹਾ ਦਿਖਾਉਗੇ, ਅਜਿਹਾ ਕੰਮ ਕੋਈ ਵਿਹਲਾ ਬੰਦਾ ਹੀ ਕਰ ਸਕਦਾ ਹੈ, ਜੇ ਚਾਰ ਪੰਜ ਸਾਲ ਬਾਅਦ ਪੈਸੇ ਮਿਲ ਵੀ ਗਏ ਤਾਂ ਉਹ ਤੁਹਾਡੇ ਦਿੱਤੇ ਪੈਸਿਆਂ ਨਾਲੋਂ ਘੱਟ ਹੋਣਗੇ। ਸਰਕਾਰ ਬਹੁਤ ਬੇਈਮਾਨ ਹੈ ਜਿਸ ਨੇ ਉਦਾਰੀਕਰਨ ਦੇ ਨਾਂ ਹੇਠ ਲੋਕਾਂ ਨੂੰ ਲੁਟਣ ਦਾ ਲਾਇਸੈਂਸ ਇਹਨਾਂ ਕੰਪਨੀਆਂ ਨੂੰ ਦਿਤਾ ਹੋਇਆ ਹੈ। ਇਹ ਲਾਈਸੈਂਸ ਇਹਨਾਂ ਨੂੰ ਕਿਵੇਂ ਮਿਲ ਗਏ, ਇਸ ਗੱਲ ਦਾ ਭੇਤ ਤਾਂ ਉਦੋਨ ਖੁਲ੍ਹੇਗਾ ਜਦੋਂ ਵਿਤ ਮੰਤਰੀ ਜੀ ਦਾ ਲੇਖਾ ਜੋਖਾ ਹੋਵੇਗਾ।

ਮੇਰਾ ਜਾਤੀ ਅਨੁਭਵ ਆਈ ਸੀ ਆਈ ਸੀ ਆਈ ਪਰੁਡੈਂਸ਼ਿਅਲ ਦੇ ਨਾਲ ਹੋਇਆ ਹੈ ਜਿਸ ਵਿੱਚ ਮੈਂ ਦੇਖਿਆ ਹੈ ਕਿ ਉਹਨਾਂ ਨੇ ਹੇਰਾ ਫੇਰੀ ਵਾਸਤੇ ਆਪਣੇ ਕੰਪਊਟਰਾਂ ਵਿੱਚ ਹੀ ਅਜਿਹਾ ਸਾਫਟਵੇਅਰ ਪਾਇਆ ਹੋਇਆ ਹੈ, ਜਦੋਂ ਮੈਂ ਇਸ ਦੀ ਪੁਛ ਪੜਤਾਲ ਕੀਤੀ ਤਾਂ ਮੈਂ ਉਹਨਾਂ ਦੀ ਚੋਰੀ ਫੜੀ, ਉਹ ਆਪਣੀ ਚੋਰੀ ਮੰਨੇ, ਤੇ ਉਹਨਾਂ ਪੰਜ ਮਹਿਨਿਆਂ ਦੇ ਕੱਟੇ ਹੋਏ ਪੈਸੇ ਮੋੜੇ, ਉਹ ਵੀ ਬੋਨਸ ਦਿ ਸ਼ਕਲ ਵਿਚ ਓਦਾਂ ਨਹੀਂ, ਇਸ ਦਾ ਮਤਲਬ ਇਹ ਹੋਇਆ ਕਿ ਅਜਿਹੇ ਲੋਕ ਚੋਰ ਹਨ, ਤੇ ਸਿਰਫ਼ ਠੱਗੀ ਮਾਰਨ ਲਈ ਹੀ ਨੀਤੀਆਂ ਘੜਦੇ ਹਨ। ਮੇਰੇ ਕੇਸ ਵਿੱਚ ਮੈਂ ਕੰਪਨੀ ਦੀ ਮਾਲਕਣ ਦਾ ਨਿੱਜੀ ਫੋਨ ਤੇ ਉਸ ਦਾ ਨਿੱਜੀ ਮੇਲ ਐਡਰੇਸ ਲੱਭ ਲਿਆ ਸੀ ਤੇ ਉਸ ਦੇ ਮੇਜ਼ ਤੱਕ ਪਹੁੰਚ ਗਿਆ ਸੀ। ਇਸ ਕੰਮ ਵਿੱਚ ਮੈਨੂੰ ਪੂਰੇ ਦੋ ਸਾਲ ਲੱਗੇ ਸਨ। ਪਰ ਫਿਰ ਵੀ ਉਸ ਕੰਪਨੀ ਨੇ ਮੇਰੇ ਪੈਸੇ ਜਦੋਂ ਮੋੜੇ ਤਾਂ ਉਸ ਵਿੱਚ ਮੂਲ ਨਾਲੋਂ ਸਿਰਫ ਸੱਤ ਹਜ਼ਾਰ ਰੁਪਏ ਦਾ ਵਾਧਾ ਹੋਇਆ ਸੀ। ਚਾਰ ਸਾਲ ਬਾਅਦ ਇਹ ਪੈਸੇ ਮੈਂ ਕਿਵੇਂ ਵਾਪਸ ਲਏ, ਮੈਂ ਹੀ ਜਾਣਦਾ ਹਾਂ। ਜੋ ਮਿਤਰ ਇਸ ਬਾਰੇ ਬਹੁਤੀ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਮੇਰੇ ਬਲਾਗ http://mee2you.blog.com/busisness-ethics/ ਉਪਰ ਇਸ ਕੰਪਨੀ ਬਾਰੇ ਜਾਣਕਾਰੀ ਲੈ ਸਕਦੇ ਹਨ। ਮੇਰੀ ਰਾਏ ਵਿੱਚ ਆਪਣੇ ਧਨ ਦਾ ਸਦੁਪਯੋਗ ਸਰਕਾਰੀ ਬੈਂਕ ਤੇ ਸਰਕਾਰੀ ਕੰਪਨੀਆਂ ਹਨ, ਲੋਟੁਆਂ ਨੂੰ ਅਮੀਰ ਕਰਨ ਦੀ ਬਜਾਏ ਆਪਣੇ ਦੇਸ਼ ਦੇ ਪਬਲਿਕ ਸੈਕਟਰ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ।

No comments:

Post a Comment